ਸਾਗਰ ਮਿਲ਼ਸਾਗਰ ਹੋ ਜਾਵਾਂ

ਜਿਓਂ ਹੋ ਗਏ ਮੇਰੇ ਹਾਣੀ
ਉੱਚੇ ਪਰਬਤ ਬਰਫ਼ਾਂ ਜੰਮੀਆਂ
ਢਲ਼ ਢਲ਼ ਨਦੀਆਂ ਬਣੀਆਂ
ਕਾਲੇ ਬੱਦਲਾਂ ਦੀ ਗੋਦੀ 'ਚੋਂ
ਨਿੱਕੀਆਂ ਵੱਡੀਆਂ ਕਣੀਆਂ
ਨਿਰਮਲ ਜਲ ਕਲ ਕਲ ਕਰਕੇ
ਵਗਿਆ ਝਰਨਿਆਂ ਥਾਣੀ
ਮੈਂ ਹਾਂ ਪੱਤਣੋਂ ਲੰਘਿਆ ਪਾਣੀ
ਜੰਗਲ ਬੇਲੇ ਬਾਗ਼ ਬਗੀਚੇ
ਫਲ ਫੁੱਲ ਮੇਰੀ ਨਿਸ਼ਾਨੀ
ਹੀਰਾਂ ਰਾਂਝੇ ਸ਼ੀਰੀ ਸਾਹਿਬਾਂ
ਸੋਹਣੀ ਸੋਹਲ ਜਵਾਨੀ
ਮੇਰੀ ਗੋਦੀ ਖੇਡ ਖੇਡ ਕੇ
ਬਣ ਗਏ ਅਮਰ ਕਹਾਣੀ
ਮੈਂ ਹਾਂ ਪੱਤਣੋਂ ਲੰਘਿਆ ਪਾਣੀ
ਮੈਲੇ ਮਨ ਵਾਲੇ ਅਪਰਾਧੀ
ਪੱਤਣਾਂ ਤੇ ਬਹਿ ਨਹਾਉਂਦੇ
ਪਾਪਾਂ ਦੀ ਮਲ ਧੋ ਸ਼ੁੱਧ ਹੁੰਦੇ
ਮੈਨੂੰ ਅਸ਼ੁੱਧ ਬਣਾਉਂਦੇ
ਮੈਂ ਆਪਣੇ ਦੁੱਖ ਦਿਲੀਂ ਸਮੋਏ
ਮੇਰੀ ਪੀੜ ਪੁਰਾਣੀ
ਮੈਂ ਹਾਂ ਪੱਤਣੋਂ ਲੰਘਿਆ ਪਾਣੀ
ਬਿਖੜੇ ਪੈਂਡੇ ਤੁਰਦੇ ਤੁਰਦੇ
ਸ਼ਾਮਾਂ ਨੇ ਪੈ ਗਈਆਂ
ਜੋਬਨ ਰੁੱਤਾਂ ਇੱਕ ਇੱਕ ਕਰਕੇ
ਪਿੱਛੇ ਨੇ ਰਹਿ ਗਈਆਂ
ਬੇੜੀ ਦਿਆਂ ਮਲਾਹਾਂ ਵੀ ਹੁਣ
ਬੇੜੀ ਪਾਰ ਨਾ ਲਾਣੀ
ਮੈਂ ਹਾਂ ਪੱਤਣੋਂ ਲੰਘਿਆ ਪਾਣੀ
ਸੂਰਜ ਢਲਿਆ ਸ਼ਾਮਾਂ ਢਲੀਆਂ
ਰਹਿ ਗਿਆ ਦੂਰ ਸਵੇਰਾ
ਮੰਜ਼ਿਲ ਉੱਤੇ ਪਹੁੰਚਣ ਲਈ
ਮੈਂ ਲਾਇਆ ਜ਼ੋਰ ਬਥੇਰਾ
ਨਵਾਂ ਸਵੇਰਾ ਵੇਖਣ ਲਈ ਤਾਂ
ਪੈਂਦੀ ਏ ਰਾਤ ਲੰਘਾਣੀ
ਮੈਂ ਹਾਂ ਪੱਤਣੋਂ ਲੰਘਿਆ ਪਾਣੀ
ਬ੍ ਹਮਾ ਵਿਸ਼ਨੂ ਸ਼ਿਵ ਗੁਰੂ ਨਾਨਕ
ਮੇਰੀ ਭਰਨ ਗਵਾਹੀ
ਜੋ ਉਪਜਿਓ ਸੋ ਬਿਨਸ ਹੈ
ਦੱਸਦੇ ਹੁਕਮ ਇਲਾਹੀ
' ਨੂਰ' ਮੇਰਾ ਹਮਰਾਹੀ ਜਿਸਨੇ
ਮੇਰੀ ਰਮਜ਼ ਪਛਾਣੀ
ਮੈਂ ਹਾਂ ਪੱਤਣੋਂ ਲੰਘਿਆ ਪਾਣੀ